ਪਿੰਡ ਪਿੰਡ ਲੱਗ ਰਹੇ ਕੈਂਪਾਂ ਨੂੰ ਕਿਸਾਨ ਦੇ ਰਹੇ ਭਰਵਾਂ ਹੁੰਗਾਰਾ
ਡਿਪਟੀ ਕਮਿਸ਼ਨਰ ਨੇ ਕੀਤੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ
ਮੋਗਾ (ਕਮਲ) :- ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਪਰਾਲੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਰਹਿ ਰਿਹਾ ਹੈ। ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਨੂੰ ਬਿਲਕੁਲ ਘਟਾਉਣ ਲਈ ਨੋਡਲ ਅਫਸਰ ਕਲੱਸਟਰ ਤੇ ਅਫਸਰਾਂ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ ਜਿਹੜੇ ਕਿ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਕਾਰਵਾਈ ਕਰ ਰਹੇ ਹਨ। ਖੇਤੀਬਾੜੀ ਵਿਭਾਗ ਵੱਲੋਂ ਵੀ ਨਿੱਤ ਦਿਨ ਪਿੰਡ ਪੱਧਰੀ ਜਾਗਰੂਕਤਾ ਕੈਂਪ ਆਯੋਜਿਤ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਇਹ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਉਪਰ ਜਾਰੀ ਹਨ। ਉਹਨਾਂ ਦੱਸਿਆ ਕਿ ਪਿੰਡ ਧੂੜਕੋਟ ਰਣਸੀਂਹ, ਕੋਟਲਾ ਮਿਹਰ ਸਿੰਘ ਵਾਲਾ, ਲੰਗਿਆਣਾ ਕਲਾਂ, ਲੰਗਿਆਣਾ ਪੁਰਾਣਾ, ਮਾਹਲਾ ਕਲਾਂ, ਲਧਾਈਕੇ, ਦੀਨਾ, ਪੱਤੋ ਜਵਾਹਰ ਸਿੰਘ, ਪੱਤੋ ਹੀਰਾ ਸਿੰਘ, ਮੱਲੇਆਣਾ, ਲੋਪੋਂ, ਮੀਨੀਆਂ, ਰਾਮਾ, ਲੋਹਾਰਾ, ਧੂੜਕੋਟ, ਤਖਤੂਪੁਰਾ, ਰਣਸੀਂਹ ਖੁਰਦ, ਖਾਈ, ਤਲਵੰਡੀ ਮੱਲੀਆਂ, ਵਾਂਦਰ, ਸੁਖਾਨੰਦ, ਕੋਟਲਾ ਮਿਹਰ ਸਿੰਘ ਵਾਲਾ, ਬਾਘਾਪੁਰਾਣਾ, ਚੰਨੂਵਾਲਾ, ਗੱਟੀ ਜੱਟਾਂ, ਸੰਗਤਪੁਰਾ, ਸਮਾਲਸਰ, ਮਾਣੂੰਕੇ, ਜਲਾਲਾਬਾਦ ਈਸਟ, ਦੌਲੇਵਾਲਾ ਆਦਿ ਹੋਰ ਵੀ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਹੈ।
ਨੁੱਕੜ ਨਾਟਕਾਂ ਰਾਹੀ ਵੀ ਕਿਸਾਨਾਂ ਨੂੰ ਪਰਾਲੀ ਦੇ ਧੂੰਏ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਮੋਗਾ-1 ਵਿੱਚ 4, ਮੋਗਾ-2 ਵਿੱਚ 2, ਨਿਹਾਲ ਸਿੰਘ ਵਾਲਾ ਵਿੱਚ 4, ਧਰਮਕੋਟ ਵਿੱਚ 6, ਬਾਘਾਪੁਰਾਣਾ ਵਿੱਚ 6 ਟੀਮਾਂ ਪਰਾਲੀ ਦੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਜਾਗਰੂਕਤਾ ਹਿੱਤ ਨਿਯੁਕਤ ਕੀਤੀਆਂ ਗਈਆਂ ਹਨ। 334 ਨੋਡਲ ਅਫਸਰ 22 ਕਲੱਸਟਰ ਅਫਸਰਾਂ ਦੀ ਨਿਗਰਾਨੀ ਵਿੱਚ ਕੰਮ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉਪਰ ਨਜਰ ਰੱਖ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵੱਲੋਂ ਲਗਾਏ ਜਾ ਰਹੇ ਇਹਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲੈਣ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਰਾਲੀ ਨਾ ਸਾੜਨ, ਕੰਬਾਈਨਾਂ ਨੂੰ ਹਾਰਵੈਸਟ ਸਿਸਟਮ ਤੋਂ ਬਿਨ੍ਹਾਂ ਅਤੇ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾ ਚਲਾਉਣ ਦੇ ਹੁਕਮਾਂ ਦੀ ਕਿਸਾਨ ਇੰਨ ਬਿੰਨ ਪਾਲਣਾ ਕਰਨ।