ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਵਿਦਿਆਰਥੀਆਂ ਨੂੰ ਦਿੱਤੀ ਸੰਸਦ ਦੇ ਮੌਲਿਕ ਅਧਿਕਾਰਾਂ ਪ੍ਰਤੀ ਜਾਣਕਾਰੀ
ਮੋਗਾ (ਕਮਲ) :- ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਅੱਜ ਬਾਲ ਸੰਸਦ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤਿਯੋਗਿਤਾ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। 53 ਹੋਣਹਾਰ ਵਿਦਿਆਰਥੀਆਂ ਦਾ ਪਾਰਲੀਮੈਂਟ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਜਵਾਹਰ ਨਵੋਦਿਆ ਵਿਦਿਆਲਿਆ ਫ਼ਿਰੋਜ਼ਪੁਰ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਰਨਜੀਤ ਕੌਰ ਅਤੇ ਸਥਾਨਕ ਸੁਪਰੀਮ ਕਾਨਵੇਂਟ ਸਕੂਲ ਬਿਲਾਸਪੁਰ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਾਜਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਕਾਨੂੰਨ ਅਤੇ ਰਾਜਨੀਤਿਕ ਵਿਵਸਥਾ ਬਾਰੇ ਜਾਣਕਾਰੀ ਹੋਣੀ ਬੜੀ ਮਹੱਤਵਪੂਰਨ ਹੈ। ਉਹਨਾਂ ਦੱਸਿਆ ਕਿ ਜੇਕਰ ਸਾਡੇ ਵਿਦਿਆਰਥੀ ਵਰਗ ਨੂੰ ਸ਼ੁਰੂ ਵਿੱਚ ਹੀ ਇਹਨਾਂ ਵਿਸ਼ਿਆ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਇਹ ਪੰਜਾਬ ਤਰੱਕੀ ਲਈ ਵੱਡਾ ਕਦਮ ਸਾਬਿਤ ਹੋ ਸਕੇਗਾ।
ਉਹਨਾਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਕੇ ਭਵਿੱਖ ਵਿੱਚ ਤਰੱਕੀ ਦੇ ਰਾਹਾਂ ਉਪਰ ਤੁਰਨ ਲਈ ਪ੍ਰੇਰਿਆ। ਉਹਨਾਂ ਵਿਦਿਅਰਥੀਆਂ ਨੂੰ ਸਟੇਟ ਵਿੱਚ ਹੋਣ ਵਾਲੀ ਬਾਲ ਸੰਸਦ ਪ੍ਰਤੀਯੋਗਿਤਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਵਿਦਿਆਲੇ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਮੀਨਾ ਨੇ ਸਮੂਹ ਹਾਜਰੀਨ ਦਾ ਇਸ ਪ੍ਰੋਗਰਾਮ ਵਿੱਚ ਹਾਜਰ ਹੋਣ ਲਈ ਸਵਾਗਤ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਉਦੇਸ਼ ਵਿਦਿਅਰਥੀਆਂ ਨੂੰ ਸੰਸਦ ਦੇ ਮੌਲਿਕ ਅਧਿਕਾਰ ਤੇ ਮੁੱਲਾਂ ਬਾਰੇ ਜਾਣਕਾਰੀ ਦੇਣਾ ਅਤੇ ਉਹਨਾਂ ਵਿੱਚ ਜੋਸ਼ ਤੇ ਮਾਰਗ ਦਰਸ਼ਨ ਦੇ ਗੁਣ ਪੈਦਾ ਕਰਨਾ ਸੀ। ਪ੍ਰਤੀਯੋਗਿਤਾ ਨੇ ਨੌਜਵਾਨ ਦਿਮਾਗਾਂ ਨੂੰ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਅਤੇ ਬਹਿਸਾਂ ਵਿੱਚ ਸ਼ਾਮਲ ਹੋਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਲੀਡਰਸ਼ਿਪ ਹੁਨਰ ਅਤੇ ਸੰਸਦੀ ਪ੍ਰਕਿਰਿਆਵਾਂ ਦੇ ਗਿਆਨ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ ਵਿਦਿਆਲਿਆ ਆਪਣੇ ਵਿਦਿਅਰਥੀਆਂ ਵਿੱਚ ਬੌਧਿਕ ਵਿਕਾਸ, ਨਾਗਰਿਕ ਜਾਗਰੂਕਤਾ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ।