ਏ.ਡੀ.ਸੀ. (ਜ) ਚਾਰੂ ਮਿਤਾ ਨੇ ਸੁਚੱਜੇ ਤਰੀਕੇ ਨਾਲ ਖੇਡਾਂ ਨਿਪਟਾਉਣ ਲਈ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ
ਮੋਗਾ (ਕਮਲ) :- “ਖੇਡਾਂ ਵਤਨ ਪੰਜਾਬ ਦੀਆਂ-2024” ਦੇ ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਮੁਕਾਬਲੇ ਸੰਪੂਰਨ ਹੋਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ 20 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੇ ਮਨੋਰਥ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਚਾਰੂ ਮਿਤਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਕਰਕੇ ਡਿਊਟੀਆਂ ਦੀ ਵੰਡ ਕੀਤੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 10 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ ਇਸ ਕਰਕੇ ਪ੍ਰਬੰਧਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਪੱਖੋਂ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ। ਚਾਰੂ ਮਿਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਖਿਡਾਰੀ ਨੂੰ ਇਹਨਾਂ ਖੇਡਾਂ ਵਿੱਚ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਹਨਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਵਾਜਿਬ ਇਨਾਮੀ ਰਾਸ਼ੀ ਨਾਲ ਸਨਮਾਨਿਤ ਵੀ ਕਰੇਗੀ ਤਾਂ ਕਿ ਖਿਡਾਰੀਆਂ ਦੇ ਮਨੋਬਲ ਵਿੱਚ ਵਾਧਾ ਹੋ ਸਕੇ ਅਤੇ ਉਹ ਨਸ਼ਿਆਂ ਵਰਗੀ ਭੈੜੀ ਆਦਤ ਦਾ ਸ਼ਿਕਾਰ ਬਣਨ ਤੋਂ ਬਚੇ ਰਹਿਣ। ਉਹਨਾਂ ਦੱਸਿਆ ਕਿ ਭਿੰਡਰ ਕਲਾਂ ਕੋਚਿੰਗ ਸੈਂਟਰ, ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ, ਬਲੂਮਿੰਗ ਬਡਜ ਸਕੂਲ ਮੋਗਾ, ਡੀ.ਐਨ. ਮਾਡਲ ਸਕੂਲ ਮੋਗਾ, ਗੋਧੇਵਾਲਾ ਇੰਨਡੋਰ ਸਟੇਡੀਅਮ ਮੋਗਾ, ਗੁਰੂ ਨਾਨਕ ਕਾਲਜ ਮੋਗਾ, ਹਾਕੀ ਸਟੇਡੀਅਮ ਢੁੱਡੀਕੇ, ਕਰਾਸਫਿੱਟ ਜਿੰਮ ਧਰਮਕੋਟ, ਫੁੱਟਬਾਲ ਗਰਾਊਂਡ ਮਹਿਣਾ, ਟਾਊਨ ਹਾਲ ਮੋਗਾ ਵਿੱਖੇ ਇਹ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ। ਗੱਤਕਾ, ਸਾਫਟਬਾਲ, ਬਾਕਸਿੰਗ, ਹੈਂਡਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਚੈਸ, ਜੂਡੋ, ਕਬੱਡੀ, ਖੋ-ਖੋ, ਕਿੱਕ ਬਾਕਸਿੰਗ, ਵਾਲੀਬਾਲ, ਰੈਸਲਿੰਗ, ਐਥਲੈਟਿਕਸ, ਬਾਸਕਿਟਬਾਲ, ਹਾਕੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ, ਫੁੱਟਬਾਲ, ਬੈਡਮਿੰਟਨ ਆਦਿ ਇਹਨਾਂ ਮੁਕਾਬਲਿਆਂ ਵਿੱਚ ਸ਼ਾਮਿਲ ਹਨ।