ਬੁੱਘੀਪੁਰਾ ਚੌਕ ਨਜ਼ਦੀਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਢਾਹਿਆ
ਡਿਵੈਲਪਰ ਵੱਲੋਂ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਸੜਕਾਂ ਕਾਇਮ ਕਰਕੇ ਕੀਤੀ ਜਾ ਰਹੀ ਸੀ ਕਮਰਸ਼ੀਅਲ ਪਲੋਟਿੰਗ
ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ – ਵਧੀਕ ਕਮਿਸ਼ਨਰ
ਮੋਗਾ (ਕਮਲ) :- ਨਗਰ ਨਿਗਮ ਮੋਗਾ ਦੇ ਅਧਿਕਾਰ ਖੇਤਰ ਅਧੀਨ ਆਉਦੀ ਇੱਕ ਅਣ-ਅਧਿਕਾਰਤ ਕਾਰੋਬਾਰੀ ਪਲੋਟਿੰਗ ਨੂੰ ਕਮਿਸ਼ਨਰ ਨਗਰ ਨਿਗਮ ਮੋਗਾ ਦੀ ਪ੍ਰਵਾਨਗੀ ਉਪਰੰਤ ਢਾਹ (ਡੈਮੋਲਿਸ਼) ਦਿੱਤਾ ਗਿਆ ਹੈ। ਇਹ ਕਲੋਨੀ ਨਗਰ ਨਿਗਮ ਮੋਗਾ ਅਧੀਨ ਪੈਂਦੇ ਬੁੱਘੀਪੁਰਾ ਚੌਕ ਵਿਖੇ ਸਥਿਤ ਹੈ। ਇਸ ਕਲੋਨੀ ਦੇ ਡਿਵੈਲਪਰ ਵੱਲੋਂ ਮੌਕੇ ਉੱਤੇ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਅਣ-ਅਧਿਕਾਰਤ ਤੌਰ ਤੇ ਸੜਕਾਂ ਕਾਇਮ ਕਰਕੇ ਕਮਰਸ਼ੀਅਲ ਪਲੋਟਿੰਗ ਕੀਤੀ ਜਾ ਰਹੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਉਪਰੰਤ ਸਬੰਧਤ ਡਿਵੈਲਪਰ ਨੂੰ ਮੌਕੇ ਤੇ ਕੰਮ ਨੂੰ ਤੁਰੰਤ ਬੰਦ ਕਰਨ ਅਤੇ ਇਸ ਕਮਰਸ਼ੀਅਲ ਪਲੋਟਿੰਗ ਦੀ ਪ੍ਰਵਾਨਗੀ, ਨਗਰ ਨਿਗਮ ਦਫਤਰ ਵਿਖੇ ਪੇਸ਼ ਕਰਨ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ। ਪ੍ਰੰਤੂ ਇਸ ਦੇ ਬਾਵਜੂਦ ਵੀ ਸਬੰਧਤ ਡਿਵੈਲਪਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਨਗਰ ਨਿਗਮ ਦੇ ਦਫ਼ਤਰ ਕੋਲ ਪੇਸ਼ ਨਹੀਂ ਕੀਤੀ ਗਈ। ਜਿਸ ਦੇ ਮੱਦੇਨਜ਼ਰ ਇਸ ਅਣ-ਅਧਿਕਾਰਤ ਕਾਰੋਬਾਰੀ ਕਲੋਨੀ ਉਪਰ ਪਾਪਰਾ ਐਕਟ ਦੀ ਉਲੰਘਣਾ ਤਹਿਤ ਡੈਮੋਲੇਸ਼ਨ ਦੀ ਕਾਰਵਾਈ ਕੀਤੀ ਗਈ ਹੈ। ਵਧੀਕ ਕਮਿਸ਼ਨਰ ਨੇ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਹੈ ਕਿ ਭਵਿੱਖ ਵਿੱਚ ਕਿਸੇ ਵੀ ਕਲੋਨੀ ਨੂੰ ਡਿਵੈਲਪ ਕਰਨ ਤੋਂ ਪਹਿਲਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਪਾਪਰਾ ਐਕਟ ਅਧੀਨ ਪ੍ਰਵਾਨਗੀ ਲੈਣ ਉਪਰੰਤ ਹੀ ਕਲੋਨੀ ਡਿਵੈਲਪ ਕੀਤੀ ਜਾਵੇ। ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।