ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਨੇ ਪੁਲਿਸ ਲਾਈਨ ਮੋਗਾ ਵਿੱਚ ਰੁੱਖ ਲਗਾ ਕੇ ਦਿੱਤਾ ਵਾਤਾਵਰਨ ਨੂੰ ਸੰਭਾਲਣ ਦਾ ਸੁਨੇਹਾ
ਮੋਗਾ (ਕਮਲ) :- ਆਓ ਰੱਖ ਲਗਾਈਏ ਅਤੇ ਧਰਤੀ ਮਾਂ ਨੂੰ ਬਚਾਈਏ” ਸਲੋਗਨ ਹੇਠ ਪੰਜਾਬ ਪੁਲਿਸ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਇਮਾਰਤਾਂ ਵਿੱਚ ਕੁੱਲ 10,000 ਰੁੱਖ ਲਗਾਏ ਜਾ ਰਹੇ ਹਨ। ਡੀ.ਜੀ.ਪੀ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਵੱਲੋਂ ਪੰਜਾਬ ਪੁਲਿਸ ਹੈੱਡਕੁਆਟਰ ਚੰਡੀਗੜ ਵਿੱਚ ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸੇ ਮੁਹਿੰਮ ਦੀ ਕੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਅੱਜ ਇੱਕ ਦਿਨ ਵਿੱਚ (ਸਰਕਾਰੀ ਇਮਾਰਤਾਂ ਵਿੱਚ) 1210 ਛਾਂਦਾਰ/ਫ਼ਲਦਾਰ ਪੌਦੇ ਲਗਾਏ ਗਏ। ਸੀਨੀਅਰ ਕਪਤਾਨ ਪੁਲਿਸ ਮੋਗਾ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ ਨੇ ਆਪਣੇ ਹੱਥਾਂ ਨਾਲ ਪੁਲਿਸ ਲਾਈਨ ਮੋਗਾ ਵਿੱਚ ਰੁੱਖ ਲਗਾ ਕੇ ਸਾਰਿਆਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕੇ ਦਰੱਖਤਾਂ ਦੀ ਕਟਾਈ ਕਾਰਨ ਬਾਰਿਸ਼ ਘਟ ਗਈ ਹੈ ਅਤੇ ਤਾਪਮਾਨ ਦਿਨੋ ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰਿਆਵਲ ਮੁਹਿੰਮ ਸ਼ਲਾਘਾਯੋਗ ਹੈ ਜਿਸ ਤਹਿਤ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਢੁਕਵੇਂ ਸਥਾਨਾਂ ਉੱਪਰ ਪੌਦੇ ਲਗਾਏ ਜਾ ਰਹੇ ਹਨ। ਸਾਡਾ ਸਰਿਆਂ ਦਾ ਫਰਜ ਬਣਦਾ ਹੈ ਕਿ ਬਿਮਰੀਆਂ ਤੋ ਬਚਾਅ ਲਈ, ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦਾ ਪਾਣੀ ਬਚਾਉਣ ਲਈ ਵੱਧ ਤੋ ਵੱਧ ਰੁੱਖ ਲਗਾਈਏ, ਕਿਉਂਕਿ ਚੰਗੇ ਅਤੇ ਸ਼ਾਂਤ ਵਾਤਾਵਰਣ ਵਿੱਚ ਚੰਗੀ ਸ਼ਖਸ਼ੀਅਤ ਦਾ ਵਿਕਾਸ ਹੁੰਦਾ ਹੈ ਤੇ ਗੰਦਲੇ ਵਾਤਾਵਰਨ ਵਿੱਚ ਅਪੰਗ ਸ਼ਖਸ਼ੀਅਤ ਵਿਕਸਤ ਹੁੰਦੀ ਹੈ ਅਤੇ ਤਣਾਅ ਵੀ ਪੈਦਾ ਹੁੰਦਾ ਹੈ। ਸਾਡੇ ਮਹਾਨ ਗੁਰੂਆਂ ਨੇ ਵੀ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਸਾਨੂੰ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਲੈਂਦੇ ਹੋਏ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਉਨ੍ਹਾਂ ‘ਆਓ ਮਿਲ ਕੇ ਰੁੱਖ ਲਗਾਈਏ ਵਾਤਾਵਰਣ ਨੂੰ ਸਾਫ ਬਣਾਈਏ’ ਦੇ ਸਲੋਗਨ ਨੂੰ ਦੁਹਰਾਇਆ। ਵਿਵੇਕ ਸ਼ੀਲ ਸੋਨੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਤੋ ਇਲਾਵਾ ਗੁਰਸ਼ਰਨਜੀਤ ਸਿੰਘ ਸੰਧੂ ਐਸ.ਪੀ (ਐਚ) ਮੋਗਾ, ਐਸ.ਆਈ ਹਰਜੀਤ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੋਗਾ, ਬਲਵੀਰ ਸਿੰਘ ਇੰਚਾਰਜ ਸਾਂਝ ਕੇਂਦਰ ਸਿਟੀ ਮੋਗਾ,ਐਸ.ਕੇ ਬਾਂਸਲ, ਨਰਿੰਦਰ ਸਿੰਘ, ਡਾ. ਸੁਰਜੀਤ ਦੌਧਰ, ਡਾ. ਗੁਰਲੀਨ ਕੌਰ, ਗੁਰਸੇਵਕ ਸਿੰਘ ਸਨਿਆਸੀ ਨਰੇਸ ਬੋਹਤ, ਬੌਅੰਤ ਕੌਰ, ਰਿਟਾ. ਇੰਸਪੈਕਟਰ, ਜਰਨੈਲ ਸਿੰਘ, ਲਵਲੀ ਸਿੰਗਲਾ, ਜੋਤੀ ਮੂੰਗਾ ਆਦਿ ਨੇ ਵੀ ਰੁੱਖ ਲਗਾ ਕੇ ਵਾਤਾਵਰਨ ਨੂੰ ਹੋਰ ਸਾਫ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਸਾਰਿਆਂ ਨੇ ਸੰਕਲਪ ਲਿਆ ਕਿ ਉਹ ਵੱਧ ਤੋ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨਗੇ। ਜਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਥਾਣਾ ਸਿਟੀ ਮੋਗਾ ਵਿੱਚ 50, ਥਾਣਾਂ ਸਦਰ ਮੋਗਾ ਵਿੱਚ 210, ਆਰਜੀ ਥਾਣਾ ਚੜਿੱਕ ਵਿੱਚ 40, ਥਾਣਾ ਧਰਮਕੋਟ ਵਿੱਚ 50, ਥਾਣਾ ਕੋਟ ਈਸੇ ਖਾਂ ਵਿੱਚ 350, ਥਾਣਾ ਫਤਿਹਗੜ੍ਹ ਪੰਜਤੂਰ ਵਿੱਚ 40, ਥਾਣਾ ਮਹਿਣਾ ਵਿੱਚ 100, ਥਾਣਾ ਬਾਘਾਪੁਰਾਣਾ ਵਿੱਚ 75, ਥਾਣਾ ਸਮਾਲਸਰ ਵਿੱਚ 30, ਥਾਣਾ ਨਿਹਾਲ ਸਿੰਘ ਵਾਲਾ ਵਿੱਚ 45, ਥਾਣਾ ਬੱਧਨੀ ਕਲਾਂ ਵਿੱਚ 60, ਥਾਣਾ ਅਜੀਤਵਾਲ ਵਿੱਚ 20, ਸੀ.ਆਈ.ਏ ਸਟਾਫ਼ ਮੋਗਾ ਵਿੱਚ 100 ਅਤੇ ਪੁਲਿਸ ਲਾਈਨ ਮੋਗਾ ਵਿੱਚ 40 ਬੂਟੇ ਲਗਾਏ ਗਏ ਹਨ।